ਚਲ ਕੋਈ ਨਾ....
ਅੱਜਕਲ੍ਹ ਪਤਾ ਨਹੀਂ ਕਿਉਂ ਪਿੱਪਲ, ਬੋਹੜ, ਤੂਤ ਤੇ ਨਿੰਮਾਂ ਵਰਗੇ ਰੁੱਖਾਂ ਨਾਲ, ਤਿਮਕਦੇ ਚੰਨ ਸਿਤਾਰਿਆਂ ਨਾਲ, ਡੁੱਬਦੇ ਸੂਰਜ ਦੀ ਲਾਲੀ ਨਾਲ, ਟਹਿਕਦੇ ਫੁੱਲਾਂ ਤੇ ਉਨ੍ਹਾਂ ਉੱਤੇ ਮੰਡਲਾਉਂਦੀਆਂ ਤਿਤਲੀਆਂ ਨਾਲ ਮੇਰਾ ਅਜੀਬ ਜਿਹਾ ਰਿਸ਼ਤਾ ਬਣ ਗਿਆ ਹੈ। ਰੁੱਖਾਂ ਉੱਤੇ ਬੈਠ ਕੇ ਭਾਂਤ-ਸੁਭਾਂਤੇ ਗੀਤ ਗਾਉਂਦੇ ਪੰਛੀ, ਚੜ੍ਹਦੇ ਸੂਰਜ ਅੱਗੇ ਅਠਖੇਲੀਆਂ ਕਰਦੇ ਝੁੰਡ, ਸੂਏ, ਨਹਿਰਾਂ ਤੇ ਦਰਿਆਵਾਂ ਦਾ ਵਗਦਾ ਪਾਣੀ, ਹਵਾ ਵਿੱਚ ਤਰਦੇ ਬੱਦਲ ਤੇ ਅਸਮਾਨ ਦੀਆਂ ਉਚਾਈਆਂ ਵਿੱਚ ਘੁੰਮਦੇ ਪੰਛੀ—ਇਹ ਸਭ ਹੁਣ ਆਪਣੇ ਜਿਹੇ ਲੱਗਦੇ ਨੇ। ਕਈ ਵਾਰ ਕੋਈ ਤਿਤਲੀ ਜਾਂ ਪੰਛੀ ਇੰਨਾ ਸੋਹਣਾ ਲੱਗਦਾ ਹੈ ਕਿ ਮੈਂ ਉਸ ਪਲ ਨੂੰ ਤਸਵੀਰ ਵਿੱਚ ਕੈਦ ਕਰਨ ਲਈ ਫੋਨ ਚੁੱਕ ਲੈਂਦੀ ਹਾਂ, ਪਰ ਇਹ ਸ਼ਰਾਰਤੀ ਜੀਵ ਵੀ ਕਮਾਲ ਦੇ ਨੇ—ਜਿਵੇਂ ਹੀ ਕੈਮਰਾ ਖੁੱਲਦਾ ਹੈ, ਉੱਡ ਜਾਂਦੇ ਨੇ। ਕਈ ਵਾਰ ਤਾਂ ਇੱਕ ਉੱਲੂ ਹੀ ਮੈਨੂੰ ਉੱਲੂ ਬਣਾ ਜਾਂਦਾ ਹੈ। ਰੋਜ ਰਾਤ ਵੇਲੇ ਸੋਚਦੀ ਹਾਂ ਕਿ ਅੱਜ ਇਸ ਦੀ ਸੋਹਣੀ ਜਿਹੀ ਤਸਵੀਰ ਜ਼ਰੂਰ ਖਿੱਚਾਂਗੀ, ਪਰ ਜਿਵੇਂ ਹੀ ਨੇੜੇ ਜਾਂਦੀ ਹਾਂ, ਇਹ ਚੁੱਪਚਾਪ ਦੂਰ ਕਿਸੇ ਹੋਰ ਟਾਹਣੀ ਤੇ ਜਾ ਬੈਠਦਾ ਹੈ। ਫਿਰ ਦੂਰੋਂ ਆਪਣੀਆਂ ਗੋਲ ਅੱਖਾਂ ਨਾਲ ਇੰਝ ਤੱਕਣ ਲਗਦੈ ਜਿਵੇਂ ਕਹਿ ਰਿਹਾ ਹੋਵੇ ਕੁਦਰਤ ਨੂੰ ਮਹਿਸੂਸ ਕੀਤਾ ਕਰ, ਹਰ ਵਾਰੀ ਐਵੇਂ ਕੈਦ ਕਰਨ ਦੀ ਕੋਸ਼ਿਸ਼ ਨਾ ਕਰ।” ਮੈਂ ਵੀ ਕਹਿ ਦਿੱਤਾ ਫਿਰ,"ਚਲ ਕੋਈ ਨਾ।" ਪਰ ਉਸ ਉੱਲੂ ਨੂੰ ਕੀ ਪਤਾ ਚਲ ਕੋਈ ਨਾ ਕਹਿਣਾ ਇੰਨਾ ਵੀ ਸੌਖਾ ਨਹੀਂ ਹੁੰਦਾ... ਪਰਮਿੰਦਰ ਕਲੇਰ
Poetry Books 50% Off
Bestselling collections from top poets
