ਪਤਾ ਨਹੀਂ ਕਿਉਂ...
ਪਤਾ ਨਹੀਂ ਕਿਉਂ ਪਿੱਪਲ, ਬੋਹੜ, ਤੂਤ ਤੇ ਨਿੰਮਾਂ ਵਰਗੇ ਰੁੱਖਾਂ ਨਾਲ, ਟਿਮਕਦੇ ਚੰਨ ਸਿਤਾਰਿਆਂ ਨਾਲ, ਡੁੱਬਦੇ ਸੂਰਜ ਦੀ ਲਾਲੀ ਨਾਲ, ਟਹਿਕਦੇ ਫੁੱਲਾਂ ਤੇ ਉਨ੍ਹਾਂ ਉੱਤੇ ਮੰਡਲਾਉਂਦੀਆਂ ਤਿਤਲੀਆਂ ਨਾਲ ਮੇਰਾ ਅਜੀਬ ਜਿਹਾ ਰਿਸ਼ਤਾ ਬਣ ਗਿਆ ਹੈ। ਰੁੱਖਾਂ ਉੱਤੇ ਬੈਠ ਕੇ ਭਾਂਤ-ਸੁਭਾਂਤੇ ਗੀਤ ਗਾਉਂਦੇ ਪੰਛੀ, ਚੜ੍ਹਦੇ ਸੂਰਜ ਅੱਗੇ ਅਠਖੇਲੀਆਂ ਕਰਦੇ ਪੰਛੀਆਂ ਦੇ ਝੁੰਡ, ਸੂਏ, ਨਹਿਰਾਂ ਤੇ ਦਰਿਆਵਾਂ ਦਾ ਵਗਦਾ ਪਾਣੀ, ਹਵਾ ਵਿੱਚ ਤਰਦੇ ਬੱਦਲ ਤੇ ਅਸਮਾਨ ਦੀਆਂ ਉਚਾਈਆਂ ਵਿੱਚ ਘੁੰਮਦੇ ਪੰਛੀ—ਇਹ ਸਭ ਹੁਣ ਆਪਣੇ ਜਿਹੇ ਲੱਗਦੇ ਨੇ। ਕਈ ਵਾਰ ਕੋਈ ਤਿਤਲੀ ਜਾਂ ਪੰਛੀ ਇੰਨਾ ਸੋਹਣਾ ਲੱਗਦਾ ਹੈ ਕਿ ਮੈਂ ਉਸ ਪਲ ਨੂੰ ਤਸਵੀਰ ਵਿੱਚ ਕੈਦ ਕਰਨ ਲਈ ਫੋਨ ਚੁੱਕ ਲੈਂਦੀ ਹਾਂ, ਪਰ ਇਹ ਸ਼ਰਾਰਤੀ ਜੀਵ ਵੀ ਕਮਾਲ ਦੇ ਨੇ—ਜਿਵੇਂ ਹੀ ਕੈਮਰਾ ਖੁੱਲਦਾ ਹੈ, ਉੱਡ ਜਾਂਦੇ ਨੇ। ਕਈ ਵਾਰ ਤਾਂ ਮੈਨੂੰ ਉੱਲੂ ਵੀ ਉੱਲੂ ਬਣਾ ਜਾਂਦੇ ਨੇ। ਰਾਤ ਵੇਲੇ ਸੋਚਦੀ ਹਾਂ ਕਿ ਅੱਜ ਇਹਨਾਂ ਦੀ ਸੋਹਣੀ ਜਿਹੀ ਤਸਵੀਰ ਜ਼ਰੂਰ ਖਿੱਚਾਂਗੀ, ਪਰ ਜਿਵੇਂ ਹੀ ਨੇੜੇ ਜਾਂਦੀ ਹਾਂ, ਇਹ ਚੁੱਪਚਾਪ ਕਿਸੇ ਹੋਰ ਟਾਹਣੀ ਤੇ ਜਾ ਬੈਠਦੇ ਨੇ। ਫਿਰ ਦੂਰੋਂ ਆਪਣੀਆਂ ਗੋਲ ਅੱਖਾਂ ਨਾਲ ਇੰਝ ਤੱਕਦੇ ਨੇ ਜਿਵੇਂ ਕਹਿ ਰਹੇ ਹੋਣ— “ਕੁਦਰਤ ਨੂੰ ਮਹਿਸੂਸ ਕੀਤਾ ਕਰ, ਹਰ ਵਾਰੀ ਕੈਦ ਕਰਨ ਦੀ ਕੋਸ਼ਿਸ਼ ਨਾ ਕਰ।” 😄
Poetry Books 50% Off
Bestselling collections from top poets
