ਬਾਪੂ ਦਾ ਲਾਇਆ ਪਿੱਪਲ
(ਕਵਿਤਾ)19.05.26 ਪਿੱਪਲ ਦਾ ਇਹ ਰੁੱਖ ਸਾਡੇ ਬਾਪੂ ਨੇ ਲਗਾਇਆ ਏ , ਪਿੰਡ ਦੀ ਸੱਥ ਵਿੱਚ ਖਲੋਤਾ ਉਸ ਦਾ ਹਮਸਾਇਆ ਏ। ਮੇਰੇ ਪਿੰਡ ਦੇ ਲੋਕਾਂ ਦਾ ਇਸ ਬਿਨ ਪਲ ਵੀ ਨਾ ਸਰਦਾ ਏ, 'ਧਾਲੀਵਾਲ' ਦਾ ਲਾਇਆ ਪਿੱਪਲ ਅੱਜ ਵੀ ਛਾਂਵਾਂ ਕਰਦਾ ਏ। ਪਿੰਡ ਦੇ ਲੋਕਾਂ ਲਈ ਇਹ ਸਾਂਝਾ ਇੱਕ ਠਿਕਾਣਾ ਏ, ਬੱਚੇ ਤੋਂ ਬੁੱਢੇ ਤੱਕ ਸਭ ਦਾ ਇੱਥੇ ਆਉਣਾ-ਜਾਣਾ ਏ। ਇਸ ਦੀਆਂ ਘਣੀਆਂ ਛਾਂਵਾਂ ਹੇਠਾਂ ਬਹਿ ਕੇ ਸਭ ਹੱਸਦੇ ਨੇ, ਤਾਸ਼ ਦੀ ਬਾਜ਼ੀ ਲਾਉਂਦੇ ਹੋਏ ਦਿਲ ਦੀਆਂ ਗੱਲਾਂ ਦੱਸਦੇ ਨੇ। ਨਿੱਤ ਸ਼ਾਮ-ਸਵੇਰੇ ਪੰਛੀ ਇੱਥੇ ਰਾਗ ਸੁਹਾਵਣੇ ਛੇੜਦੇ ਨੇ, ਬਾਪੂ ਦੇ ਹਾਸੇ ਚੇਤੇ ਆ ਦਿਲ ਦੇ ਕੋਨੇ ਘੇਰਦੇ ਨੇ। ਜੇਠ ਦੀ ਤਪਦੀ ਧੁੱਪ ਵਿੱਚ ਇਹ ਠੰਡੀ ਗੂੜ੍ਹੀ ਛਾਂ ਦੇਵੇ, ਬਿਲਕੁਲ ਮੇਰੇ ਬਾਪੂ ਵਾਂਗੂੰ ਸੀਨੇ ਠੰਡਕ ਪਾ ਦੇਵੇ। ਬੱਚੇ ਇਸ ਦੇ ਹੇਠਾਂ ਖੇਡਣ, ਬੁਜ਼ੁਰਗ ਅਸੀਸਾਂ ਦਿੰਦੇ ਨੇ, ਪਿੰਡ ਦੇ ਵੱਖੋ-ਵੱਖਰੇ ਕਿੱਸੇ ਇੱਥੇ ਹਰ ਪਲ ਛਿੜਦੇ ਨੇ। ਲੋਕਾਂ ਲਈ ਇਹ ਰੁੱਖ, ਸਾਡੇ ਲਈ ਬਾਪੂ ਦੀ ਨਿਸ਼ਾਨੀ ਏ, ਇਸ ਦੀ ਹਰ ਟਾਹਣੀ ਵਿੱਚ ਛੁਪੀ ਉਸ ਦੀ ਜ਼ਿੰਦਗਾਨੀ ਏ। ਇਸ ਪਿੱਪਲ ਦੀ ਛਾਂਵੇਂ ਬਹਿ ਕੇ ਦਿਲ ਵੀ ਹੰਝੂ ਕੇਰ ਜਾਂਦਾ, ਇੰਝ ਲੱਗਦਾ ਜਿਵੇਂ ਬਾਪੂ ਸਿਰ ਉੱਤੇ ਹੱਥ ਫੇਰ ਜਾਂਦਾ। ਬਾਪੂ ਸਾਡੇ ਨੂੰ ਕੁਦਰਤ ਦੇ ਨਾਲ ਹੱਦੋਂ ਵੱਧ ਕੇ ਪਿਆਰ ਸੀ, ਪਿੱਪਲ ਬੋਹੜ ਵਰਗੇ ਰੁੱਖਾਂ ਦਾ ਉਹ ਨਿਆਰਾ ਯਾਰ ਸੀ। ਬਾਪੂ ਦੇ ਹੱਥੀਂ ਲਾਇਆ ਪਿੱਪਲ ਕਲੇਰ ਨੂੰ ਇਹ ਕਹਿੰਦਾ ਏ, ਇਨਸਾਨ ਤੁਰ ਜਾਂਦਾ ਦੁਨੀਆ ਤੋਂ, ਰੁੱਖ ਸਦਾ ਹੀ ਰਹਿੰਦਾ ਏ। ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
